Monday, August 8, 2011

ਸਰਕਸ

ਸਰਕਸ ਹੈ ਮਨੋਰੰਜਨ ਦਾ ਸਾਧਨ ਸਭ ਦਾ ਦਿਲ ਪਰਚਾਵੇ,
ਪਰ ਇਸ ਪੇਸ਼ੇ ਵਿਚ ਦਰਦ ਹੈ ਛੁਪਿਆ ਕਿਸੇ ਨੂੰ ਨਜਰ ਨਾ ਆਵੇ ।

ਹਸਾ ਹਸਾ ਕੇ ਜੋਕਰ ਸਭ ਦੇ ਢਿੱਡੀਂ ਪੀੜ੍ਹਾਂ ਪਾਉਂਦਾ,
ਕੌਣ ਜਾਣੇ ਉਹ ਜਿੰਦਗੀ ਅੰਦਰ ਕਿੰਨੇ ਦੁਖ ਹੰਢਾਉਂਦਾ ।

ਸੇਰ, ਚੀਤਾ ਤੇ ਹਾਥੀ ਨੱਚਦੇ, ਤੋਤਾ ਸਾਇਕਲ ਚਲਾਵੇ,
ਰਿੰਗ ਮਾਸਟਰ ਇਹਨਾਂ ਨੂੰ ਸਭ ਡੰਡੇ ਨਾਲ ਸਿਖਾਵੇ ।

ਸਭ ਨੂੰ ਭਾਵੇ ਰਬੜ ਦੀ ਗੁੱਡੀ, ਜਦੋਂ ਹੈ ਕਰਤਬ ਕਰਦੀ,
ਕੌਣ ਜਾਣੇ ਉਹ ਪੇਟ ਦੀ ਖਾਤਿਰ ਕਿੰਨੇ ਦੁੱਖੜੇ ਜਰਦੀ ।

ਬਾਈਕ ਸਵਾਰ ਮੌਤ ਦੇ ਖੂਹ ਵਿਚ ਮੋਟਰ ਸਾਇਕਲ ਚਲਾਕੇ,
ਲੋਕਾਂ ਦਾ ਮਨੋਰੰਜਨ ਕਰਦਾ ਜਾਨ ਜੋਖਿਮ ਵਿਚ ਪਾਕੇ ।

ਸਰਕਸ ਰਾਹੀਂ ਹਾਸੇ ਵੰਡਕੇ ਖੁਦ ਇਹ ਦੁਖੜੇ ਝੱਲਦੇ,
ਫੇਰ ਵੀ ਇਹ ਸਰਕਸ ਦੇ ਨਾਇਕ ਬਣ ਗਏ ਕਿੱਸੇ ਕਲ ਦੇ ।

ਰਵਿੰਦਰ ਜਹਾਂਗੀਰ
28/06/2011

No comments:

Post a Comment