Monday, August 8, 2011

ਕੁੱਤਾ ਬੰਦਾ

ਜਦੋਂ ਆਪਣੇ ਕਿਸੇ ਫਾਇਦੇ ਵਾਸਤੇ ਲੇਲੜ੍ਹੀਆਂ ਕੱਢਦਾ ਹਾਂ ,
ਆਪਣੇ ਮਤਲਬ ਲਈ ਕਿਸੇ ਅਫਸਰ ਦੇ ਤਲਵੇ ਚੱਟਦਾ ਹਾਂ ,
ਜੇ ਅੱਗਿਓਂ ਟੁੱਕ ਮਿਲ ਜਾਵੇ, ਤਾਂ ਪੂਛ ਹਿਲਾ ਛੱਡਦਾ ਹਾਂ ,
ਤੇ ਜੇ ਨਹੀਂ ,, ਤਾਂ ਦੂਰ ਜਾਕੇ ਬਸ ਭੌਂਕ ਛੱਡਦਾ ਹਾਂ ,
ਉਦੋਂ ਮੈਨੂੰ ਮਹਿਸੂਸ ਹੁੰਦਾ ਹੈ....,,
ਕਿ ਮੈਂ ਕਿੰਨਾ ਕੁੱਤਾ ਹਾਂ....॥

ਜਦ ਕਿਸੇ ਦਾ ਥੋੜਾ ਕੰਮ ਸੁਖਾਲਾ ਕਰ ਦੇਵਾਂ,
ਕਿਸੇ ਮੰਦਿਰ ਮਸਜਿਦ ਵਿਚ ਜਾਕੇ ਸਿਰ ਨੀਵਾਂ ਕਰ ਦੇਵਾਂ,
ਕਿਸੇ ਤਪਦੇ ਮਾਰੂਥਲ 'ਚ ਦਿਲਾਸਿਆਂ ਦਾ ਪਾਣੀ ਭਰ ਦੇਵਾਂ ,
ਜਾਂ ਕਿਸੇ ਮੰਗਤੇ ਦੇ ਹੱਥ ਤੇ ਇੱਕ ਰੁਪਇਆ ਧਰ ਦੇਵਾਂ,
ਤਾਂ ਮੈਨੂੰ ਲਗਦਾ ਹੈ....,,
ਕਿ ਹਾਂ ਮੈ ਬੰਦਾ ਹਾਂ.....॥

ਆਪਣੇ ਕੰਮੀਂ ਅੜਚਨ ਆਵੇ, ਬਣ ਦੁਸ਼ਮਨ ਖਲੋ ਜਾਵਾਂ ,
ਮਾੜ੍ਹੇ ਵਕਤ ਦੇ ਵੇਲੇ ਰੱਬ ਦਾ ਹੀ ਰਕੀਬ ਹੋ ਜਾਵਾਂ ,
ਕਿਸੇ ਦੇ ਦਰਦ ਨੂੰ ਮਜਾਕ ਬਣਾ ਹਾਸਿਆਂ ਚ ਪਰੋ ਜਾਵਾਂ ,
ਰੁਪਈਏ ਦਾ ਦਾਨ ਚੇਤੇ ਕਰ ਦਾਨੀ ਸੱਜਣ ਹੋ ਜਾਵਾਂ ,
ਤਾਂ ਅਹਿਸਾਸ ਹੁੰਦਾ ਹੈ....,
ਕਿ ਮੈਂ ਕਿੰਨਾ ਕੁੱਤਾ ਬੰਦਾ ਹਾਂ.....!!!!

ਰਵਿੰਦਰ ਜਹਾਂਗੀਰ
13/07/2011

No comments:

Post a Comment