Sunday, November 28, 2010

ਕਿੰਨੀਆਂ ਖੂਬਸੂਰਤ...!!

ਇਹ ਤਨਹਾਈਆਂ ਕਿੰਨੀਆਂ ਖੂਬਸੂਰਤ !
ਇਹ ਜੁਦਾਈਆਂ ਕਿੰਨੀਆਂ ਖੂਬਸੂਰਤ !

ਮੈ ਕਿਓਂ ਕਰ ਨਾ ਰੋਵਾਂ, ਦਸ ਜਰਾ,
ਇਹ ਰੁਬਾਈਆਂ ਕਿੰਨੀਆਂ ਖੂਬਸੂਰਤ !

ਮੌਤ ਰਾਣੀਏ ਕਿੱਥੇ ਐਂ ਤੂੰ ,
ਜਿੰਦਗੀ ਦੀਆਂ ਸਚਾਈਆਂ ਕਿੰਨੀਆਂ ਖੂਬਸੂਰਤ !

ਇਕ ਪੱਥਰ ਹੰਝੂਆਂ ਦੀ ਸਿੱਲ ਦੇ ਗਿਆ,
ਪੀੜਾਂ ਪਰਾਈਆਂ ਕਿੰਨੀਆਂ ਖੂਬਸੂਰਤ !

ਮੈਨੂੰ ਨਫਰਤ ਦੀ ਇਕ ਦਾਤ ਬਖਸ਼ੀ ,
ਤੇਰੇ ਮਨ ਆਈਆਂ ਕਿੰਨੀਆਂ ਖੂਬਸੂਰਤ !

ਦੇਖ ਰਵਿੰਦਰ, ਦੇਖ ਰਿਹਾ ਜਿਓਂਦਾ,
ਕੀਤੀਆਂ ਤਬਾਹੀਆਂ ਕਿੰਨੀਆਂ ਖੂਬਸੂਰਤ !

ਰਵਿੰਦਰ ਜਹਾਂਗੀਰ
14 ਅਕਤੂਬਰ 2006..

ਮੈਂ ਸਿਰਫ ਇਹੀ ਨਹੀ ....

ਤੇਰੇ ਮੱਥੇ ਤੇ ਉਲਝਦੀ ਲਟ
ਮੇਰੇ ਲਈ ਸਵਾਲ ਨਹੀ ....॥
ਤੇ ਨਾ ਹੀ ਤੇਰੇ ਨੈਣਾ ਦਾ ਨੀਲਾਪਨ
ਮੇਰਾ ਸਮੁੰਦਰ ਹੈ ...॥
ਤੇ ਮੈਂ ਸਿਰਫ ਇਹੀ ਨਹੀ ,
ਜੋ ਤੇਰੇ ਸਾਹਮਣੇ ਹੈ ਇਕ ਵਜੂਦ ..
ਮੈ ਤਾਂ ਕਿਤੇ ਹੋਰ ਜਾਣਾ ਹੈ ,
ਤੂੰ ਨਹੀਂ ਜਾਣਦਾ ਮੇਰੀ ਮੰਜਿਲ ,,
ਹਵ੍ਸਾਂ ਨਾਲ ਸਿਸ੍ਕਦੇ ਜਿਸਮ ਨਹੀ ,
ਚਾਂਦੀ ਵਾਂਗ ਚਮਕਦੇ ਸਿੱਕੇ ਨਹੀ ,
ਮੈ ਤਾ ਏਨਾ ਸਭ ਤੋ ਦੂਰ ....
ਇਕ ਉਦਾਸ ਜੇਹੇ ਪੈਂਡੇ ਦਾ ਰਾਹੀ ਹਾਂ.
ਜਿਥੇ ਤੁਰਿਆ ਜਾਂਦਾ ਮੈਂ,,
ਆਪਣੇ ਪੈਰਾਂ ਦੀ ਪੈੜ ਚੋਂ
ਸੰਗੀਤ ਸਿਰਜਦਾ ਹਾਂ..
ਆਪਣੀ ਉਦਾਸੀ ਦੀਆਂ ਤੰਦਾਂ ਨੂੰ ਸੁਲਝਾਉਂਦਾ ,
ਕਦੋਂ ਪਤਾ ਨਹੀ ਕਿਹੜੀ ਤਰਜ ਬਣਾ ਦਿੰਦਾ ਹਾਂ ..
ਮੈਨੂੰ ਖੁਦ ਨੂੰ ਪਤਾ ਨਹੀ ...
ਫਿਰ ਦਸ ਤੈਨੂੰ ਕਿਵੇ ਦੱਸਾਂ ...?
ਮੈ ਕੌਣ ਹਾਂ ?
ਤੇ ਮੇਰੀ ਮੰਜਿਲ ਕਿਹੜੀ ਏ...?

ਰਵਿੰਦਰ ਜਹਾਂਗੀਰ
੧੪/੦੫/੨੦੧੦

ਰੀਝ ਕੁਆਰੀ

ਮੇਰਾ ਦਿਲ ਇਹ ਕਰਦਾ ਹੈ ।
ਨਿੱਤ ਇਕ ਹੌਕਾ ਭਰਦਾ ਹੈ ।
ਕਿਸੇ ਦੇ ਇਸ਼ਕ ਚ ਤੜਫਾਂ,
ਫੇਰ ਕਿਸੇ ਨੂੰ ਤਰਸਾਂ ।
ਰੋਜ ਸ਼ਾਮ ਨੂੰ ਮਰਸਾਂ,
ਜਾਂ ਛਮ ਛਮ ਕਰਕੇ ਵਰਸਾਂ ।

ਇਕ ਜਿੰਦਗੀ ਓਹ ਫੇਰ ਤੋਂ ਵਿਚਰਾਂ,
ਕਿਸੇ ਨੂੰ ਮਿਲਕੇ ਫੇਰ ਮੈ ਵਿਛੜਾਂ ।
ਮੇਰੀ ਨਜਰ ਕਿਸੇ ਨੂੰ ਵਾਚੇ,
ਰਹਿਣ ਕਿਤੇ ਮੇਰੇ ਨੈਣ ਗੁਆਚੇ ।
ਇਕ ਵਾਅਦਾ ਕੋਈ ਕਰ ਜਾਵੇ,
ਕਰਕੇ ਵਾਅਦਾ ਮੁੜ੍ਹ ਨਾ ਆਵੇ ।

ਚੀਸਾਂ ਹੌਕੇ ਮੁੜ੍ਹ ਆ ਜਾਵਣ,
ਪੀੜ੍ਹਾਂ ਮੈਨੂੰ ਰੱਜ ਰੁਆਵਣ ।
ਜਿਹੜੀ ਰੀਝ ਰਹਿ ਗਈ ਕੁਆਰੀ,
ਸ਼ਾਲਾ ਪੂਰੀ ਹੋਏ ਇਸ ਵਾਰੀ ।
ਨਾਂ ਤੇਰੇ ਨਾਲ ਜੋੜ ਮਰ ਜਾਵਾਂ,
ਅਮਰ ਜਹਾਨ ਤੈਨੂੰ ਕਰ ਜਾਵਾਂ ।

ਰਵਿੰਦਰ ਜਹਾਂਗੀਰ
17/01/2007 (written)

ਇੱਕੋ ਗੱਲਬਾਤ ਵੇ

ਦੁਨੀਆ ਦੇ ਸਾਕ ਨੇ ਵੱਖਰੇ ,
ਚੜ੍ਹਦੇ ਦਿਨ ਰਾਤ ਨੇ ਵੱਖਰੇ ,
ਵੱਖਰੇ ਨੇ ਚੰਨ ਤੇ ਤਾਰੇ ,
ਵੱਖਰੀ ਕਾਇਨਾਤ ਵੇ ।
ਪਰ ਤੇਰੀ ਮੇਰੀ ਸੱਜਣਾ ਇੱਕੋ ਗੱਲਬਾਤ ਵੇ ॥
ਤੇਰੀ ਤੇ ਮੇਰੀ ਸੱਜਣਾ ਇੱਕੋ ਗੱਲਬਾਤ ਵੇ ॥

ਰਾਹਾਂ ਦੇ ਵੱਖ ਕਿਨਾਰੇ, ਮੰਜਿਲਾਂ ਤਕ ਰਹਿੰਦੇ ਨੇ ,
ਦੁਨੀਆ ਦੇ ਫ਼ਰਕ ਦਿਲਾਂ ਵਿਚ, ਗੱਲ ਗੱਲ ਤੇ ਪੈਂਦੇ ਨੇ ,
ਆਪਣਾ ਤਾਂ ਪਿਆਰ ਰੂਹਾਨੀ, ਮੈਂ ਸੁਰ ਤੂੰ ਸਾਜ ਵੇ ।
ਤੇਰੀ ਤੇ ਮੇਰੀ ਸੱਜਣਾ ਇੱਕੋ ਗੱਲਬਾਤ ਵੇ ॥

ਰੁੱਤਾਂ ਕਈ ਰੰਗ ਹਜਾਰਾਂ, ਮਹਿਕਾਂ ਦੀ ਮਿਣਤੀ ਨਾ,
ਮੌਸਮ ਦੇ ਵੱਖ ਨਜ਼ਾਰੇ, ਫੁੱਲਾਂ ਦੀ ਗਿਣਤੀ ਨਾ ,
ਸੁਰਗਾਂ ਤੋਂ ਆਈ ਜੋੜੀ, ਬੱਦਲੀ ਬਰਸਾਤ ਵੇ ।
ਤੇਰੀ ਤੇ ਮੇਰੀ ਸੱਜਣਾ ਇੱਕੋ ਗੱਲਬਾਤ ਵੇ ॥

ਜਿਸਮਾਂ ਤੋਂ ਵੱਖ ਨਾ ਹੋਵੇ, ਸਾਹਾਂ ਦੀ ਡੋਰ ਕਦੇ ,
ਤੇਰੇ ਤੋਂ ਬਾਜ ਰਵਿੰਦਰ, ਚਾਹਾਂ ਨਾ ਹੋਰ ਕਦੇ ,
ਪਾਈਏ ਕੋਈ ਪਿਆਰ ਕਹਾਣੀ, ਮੁੱਕੇ ਨਾ ਸਾਥ ਵੇ ।
ਤੇਰੀ ਤੇ ਮੇਰੀ ਸੱਜਣਾ ਇੱਕੋ ਗੱਲਬਾਤ ਵੇ ॥

ਰਵਿੰਦਰ ਜਹਾਂਗੀਰ
28/11/2010

ਸੀਨੇ ਵਿਚ ਬਲਦੀ ਅੱਗ ਦੇ ਪਰਛਾਵੇਂ

ਕਦੇ ਸੁਣਿਆ ਸੀ ਕਿ,
ਸੀਨੇ ਵਿਚ ਬਲਦੀ ਅੱਗ ਦੇ,
ਪਰਛਾਵੇਂ ਨਹੀਂ ਹੁੰਦੇ...।

ਅੱਜ ਤੱਕਦਾ ਹਾਂ ..,
ਕਿ ਇਹ ਗੱਲ ,
ਮੇਰੇ ਤੇ ਕਿਓਂ ਨਹੀਂ ਢੁਕਦੀ..?

ਕਿਓਂ ਮੈਨੂੰ ਬਿਸਤਰ ਦੀਆਂ ਸਿਲਵਟਾਂ 'ਚ ,
ਰਾਤ ਭਰ ਦੀਆਂ ਉਲਝਣਾਂ ਦਾ,
ਪਰਛਾਵਾਂ ਦਿਸਦਾ ਹੈ ..?

ਕਿਓਂ ਮੈਨੂੰ ਆਪਣੀਆਂ ਅੱਖਾਂ ਦੀ ਲਾਲੀ 'ਚ ,
ਤਿੜਕੇ ਹੋਏ ਸੁਫ਼ਨਿਆਂ ਦਾ,
ਅਕਸ ਨਜਰ ਆਉਂਦਾ ਏ ..?

ਅਤੇ ਕਿਓਂ ਮੈਨੂੰ ਆਪਣੀ ਕਵਿਤਾ ਦੇ ਅੱਖਰਾਂ ਚੋਂ,
ਗੈਰ ਮਜਲੂਮਾਂ ਦੇ ਅੱਥਰੂ,
ਵਗਦੇ ਦਿਸਦੇ ਨੇ ...?

ਪਤਾ ਨਹੀਂ ਕਿਓਂ ਮੇਰੇ ਸੀਨੇ 'ਚ ਬਲਦੀ ਅੱਗ ਤੇ ..,
"ਅਮ੍ਰਿਤਾ" ਦੇ ਕਹੇ ਬੋਲ,
ਨਹੀਂ ਢੁਕਦੇ ..?

ਸਮਝ ਨਹੀਂ ਆਉਂਦੀ, ਆਖਿਰ ਮੈਨੂੰ ਹੀ ਕਿਓਂ ,
ਮੇਰੀ ਅੱਗ ਦੇ,
ਪਰਛਾਵੇਂ ਨਜਰ ਆਉਂਦੇ ਨੇ ...?..

..ਰਵਿੰਦਰ ਜਹਾਂਗੀਰ
27/11/2010

Thursday, November 4, 2010

ਮੈਂ ਮਿੱਟੀ ਦੇਸ਼ ਪੰਜਾਬ ਦੀ ਮੇਰੇ ਕਣ ਕਣ ਵਿਚ ਪਿਆਰ ।
ਮੇਰਾ ਰੰਗ ਸੰਧੂਰੀ ਸਾਂਵਲਾ ਮੇਰੇ ਲਾਡਲੇ ਪੰਜ ਦੁਲਾਰ ॥
ਮੇਰੇ ਪੰਜ ਨੀਰਾਂ ਵਿਚ ਵੱਸਿਆ ਮੇਰੇ ਦੇਸ਼ ਦਾ ਸਭਿਆਚਾਰ ।
ਮੇਰੀਆਂ ਪੌਣਾਂ ਦੇ ਵਿਚ ਗੂੰਜਦੀ ਹਾਸਿਆਂ ਦੀ ਛਣਕਾਰ ॥

ਮੇਰੀ ਕੁੱਖੋਂ ਜਾਏ ਸੁਲੱਖ੍ਣੇ ਗੁਰੂ ਨਾਨਕ ਜਿਹੇ ਅਵਤਾਰ ।
ਮੈਂ ਗੁਰੂ ਗੋਬਿੰਦ ਨੂੰ ਪਾਲਿਆ ਜੋ ਦਾਨੀ ਅਪਰਮਪਾਰ ॥
ਮੇਰੀ ਗੋਦ ਚ ਰਚੀਆਂ ਬਾਣੀਆਂ ਜੀਵਨ ਸੂਤਰਧਾਰ ।
ਇਕ ਸ਼ੇਰ ਮੇਰੇ ਰਣਜੀਤ ਨੇ ਮੈਨੂੰ ਦਿੱਤਾ ਰੂਪ ਸਾਕਾਰ ॥

ਮੇਰੀ ਖਾਤਿਰ ਅਣਖੀ ਸੂਰਮੇ ਗਏ ਹੱਸ ਹੱਸ ਜਾਨਾਂ ਵਾਰ ।
ਉਹਨਾ ਚੁੰਮਿਆ ਰੱਸਾ ਮੌਤ ਦਾ ਉਹ ਭਗਤ ਸਿੰਘ,ਕਰਤਾਰ ॥
ਲਿਆ ਬਦਲਾ ਊਧਮ ਸਿੰਘ ਨੇ ਜਾ ਸੱਤ ਸਮੁੰਦਰੋਂ ਪਾਰ ।
ਮੇਰੇ ਖੂਨ ਦਾ ਮੇਰੇ ਯੋਧਿਆਂ ਫਿਰ ਦਿੱਤਾ ਕਰਜ ਉਤਾਰ ॥

ਮੇਰੇ ਸੀਨੇ ਜ਼ਖਮ ਨੇ ਅੱਲੜੇ ਮੇਰੇ ਕੀਤੇ ਦੋ ਦੋ ਫਾੜ ।
ਮੇਰੇ ਕਿਰ ਕਿਰ ਹੰਝੂ ਮੁੱਕ ਗਾਏ ਮੇਰੇ ਵਿਛੜੇ ਪੰਜ ਪਿਆਰ ॥
ਮੈਨੂੰ ਸ਼ਿਵ ਦਿਆਂ ਗੀਤਾਂ ਟੁੰਬਿਆ ਮੈਂ ਉਸਦੀ ਸੁਣੀ ਪੁਕਾਰ ।
ਮੈਨੂੰ ਚੁੱਕ ਰਵਿੰਦਰ ਚੁੰਮਦਾ ਮੇਰਾ ਕਰਦਾ ਏ ਸਤਿਕਾਰ ॥

ਰਵਿੰਦਰ ਜਹਾਂਗੀਰ
ਅਪ੍ਰੈਲ 2007
ਸੰਗੀਤਬੱਧ - ਸੁਖਪਾਲ ਭੱਟੀ
ਗਾਇਕ - ਹਰਲੀਨ ਆਜਿਜ਼

ਤੂੰ ਸਿਖਰ ਦੁਪਿਹਰੀ ਧੁੱਪ ਵਰਗਾ, ਨਾਲ ਵਕਤ ਦੇ ਢਲ ਜਾਣਾ ।
ਪਰ ਤੇਰੇ ਖਰਵੇ ਸੇਕ ਅੰਦਰ ਸਾਡਾ ਸਭ ਕੁਝ ਜਲ ਜਾਣਾ ॥

ਤੇਰੀ ਹਸਤੀ ਬੜੀ ਹੀ ਉਚੀ ਹੈ, ਤੇਰੇ ਤਕ ਪਹੁੰਚਣਾ ਆਉਂਦਾ ਨਹੀ,
ਪਰ ਤੈਨੂੰ ਪੂਜਣ ਵਾਲਿਆਂ ਵਿਚ, ਹੁਣ ਸਾਡਾ ਨਾਂ ਵੀ ਰਲ ਜਾਣਾ ॥

ਇਹ ਸਾਡੇ ਇਸ਼ਕ ਦਾ ਬੂਟਾ ਹੈ, ਅਸੀਂ ਆਪੇ ਲਾਕੇ ਪਾਲਿਆ ਵੇ,
ਤੂੰ ਆਉਣਾ ਨਹੀਂ ਇਸ ਬੂਟੇ ਨੇ, ਯਾਦ ਤੇਰੀ ਵਿਚ ਗਲ ਜਾਣਾ ॥

ਬੜੇ ਖਾਬ ਸਜਾਏ ਤੇਰੇ ਕਦਮਾਂ ਦੀ, ਪਾਕ ਧੂੜ ਨੂੰ ਚੁੰਮਣ ਦੇ,
ਖਬਰ ਨਹੀਂ ਸੀ ਇਕ ਦਿਨ ਸਾਡੇ, ਸੁਪਨਿਆਂ ਸਾਨੂੰ ਛੱਲ ਜਾਣਾ ॥

ਲੱਖ ਚੋਟਾਂ ਸੀਨੇ ਜਰ ਲਈਆਂ, ਹਾਲੇ ਵੀ ਮਰਨ ਦੀ ਸੋਚੀ ਨਾ,
ਇਹ ਜਨਮ ਰਵਿੰਦਰ ਨੇ ਉਸਦੀ, ਯਾਦ ਦੇ ਬੂਟੇ ਵਲ ਜਾਣਾ ॥

ਰਵਿੰਦਰ ਜਹਾਂਗੀਰ
੨੩/੦੬/੨੦੧੦

ਕੁਆਰਾ ਸੁਪਨਾ

ਮੈਂ ਕੁਆਰਾ ਸੁਪਨਾ ਬੁਣਿਆ,
ਇੱਕ ਕਲੀ ਦੇ ਖਿੜ੍ਹ ਜਾਵਣ ਦਾ ।

ਪਲਕਾਂ ਮੇਰੀਆਂ ਸਾਥ ਨਿਭਾਇਆ,
ਸੱਧਰਾਂ ਦਾ ਪਾਣੀ ਪਾਵਣ ਦਾ ।

ਦੁਨੀਆ ਦੀ ਸੀ ਨਜਰ ਕੁਵੱਲੀ,
ਹਰ ਇਕ ਚੇਹਰਾ ਰਾਵਣ ਦਾ ।

ਕੁਝ ਹੋਲਿਕਾਂ ਨਾਲ ਰਲਗੀਆਂ,
ਕਰ ਫੈਸਲਾ ਮਾਰ ਮੁਕਾਵਣ ਦਾ ।

ਸੁਫਨਾ ਮੇਰਾ ਕਤਲ ਹੋ ਗਿਆ ,
ਮਾਂ ਆਖ ਪੁਕਾਰੇ ਜਾਵਣ ਦਾ ।

ਮੇਰੀ ਕੁੱਖ ਦੇ ਦਾਅਵੇਦਾਰੋ,
ਕਰੋ ਅਦਾ ਕਰਜ ਕੁਰਲਾਵਣ ਦਾ

ਰਵਿੰਦਰ ਜਹਾਂਗੀਰ।

ਮੌਤ - ਰੱਬ ਨੂੰ ਇਕ ਉਲਾਹਮਾ

ਇਹ ਕੁਝ ਸਤਰਾਂ ਮੈਂ ਆਪਣੇ ਪਿੰਡ ਦੇ ਇਕ ਹਰਮਨ ਪਿਆਰੇ ਸਖਸ਼ ਦੇ ਅਚਾਨਕ ਮੌਤ ਦਾ ਸ਼ਿਕਾਰ ਹੋਣ ਤੇ ਲਿਖੀਆਂ ਸੀ ,, ਕਿਰਪਾ ਆਪਣੇ ਵਿਚਾਰ ਦੇਣਾ ਜੀਕਿੱਥੇ ਤੇਰੀ ਕੁਦਰਤ ਨੂੰ,
ਦਿਲ ਕੁਰਬਾਨ ਜਾਂਦਾ ਸੀ..
ਤੇ ਅੱਜ...?
ਅੱਜ ਤੇਰੀ ਕੁਦਰਤ ਦਾ ਕਹਿਰ ਦੇਖ ਕੇ...
ਰੂਹ ਤਕ ਕੰਬ ਉੱਠੀ ਹੈ।।
ਤੂੰ ਅਪਹੁੰਚ ਤੇ ਅਪਰਤੱਖ ਹੈਂ,
ਤੈਨੂੰ ਕਿਸੇ ਨੇ ਕੀ ਕਹਿ ਲੈਣਾ ਹੈ ?
ਪਰ.....!
ਮੇਰੀ ਸੋਚ ਦਾ ਤੈਨੂੰ ਇਕ ਉਲਾਹਮਾ ਹੈ।
ਤੇਰੀ ਬਣਾਈ ਕੁਦਰਤ ਦਾ ਇਹ
ਕਿਹੜਾ ਨਿਯਮ ਹੈ ?
ਕਿ ਕਿਸੇ ਨੂੰ ਤਾਂ
ਜਿੰਦਗੀ ਤੋ ਅੱਕਿਆਂ ਨੂੰ ਵੀ ਮੌਤ ਨਹੀ ਮਿਲਦੀ।
ਤਰਸਦਿਆਂ ਸਾਲ ਬੀਤ ਜਾਂਦੇ ਹਨ॥
ਤੇ ਕਈਆਂ ਨੂੰ ਤੂੰ
ਹੱਸਦਿਆਂ ਖੇਡਦਿਆਂ ਨੂੰ ਹੀ ਚੱਕ ਲੈਂਦਾ ਹੈਂ॥
ਪਿਛਲਿਆਂ ਨੂੰ ਰੋਂਦਾ ਛੱਡ ਜਾਣ ਲਈ॥
ਹਾਂ ਇਹ ਗਲ ਮੈ ਮੰਨਦਾ ਹਾਂ
ਕਿ ਮੌਤ ਅਟੱਲ ਸਚਾਈ ਹੈ,
ਜੋ ਆਇਆ ਉਹਨੇ ਜਾਣਾ ਜ਼ਰੂਰ ਹੈ।
ਪਰ ਰੱਬਾ ਇਹਦਾ ਕੋਈ ਨਿਯਮ ਤਾ ਬਣਾ.....????
ਤੇਰੀ ਕੁਦਰਤ ਦੇ ਹਰ ਵਰਤਾਰੇ ਦਾ
ਇਕ ਨਿਯਮ ਹੈ, ਇਕ ਅਸੂਲ ਹੈ।
ਫਿਰ ਮੌਤ ਤੇਰੇ ਕੋਲੋਂ ਅਨਿਯਮਤ ਕਿਵੇ ਰਹ ਗਈ,,...????????
ਕੀ ਤੇਰੀ ਯਮਰਾਜ ਅੱਗੇ,,
ਐਨੀ ਵੀ ਨਹੀ ਚੱਲੀ...?
ਰੱਬਾ....!!!
ਮੌਤ ਦੇ ਆਉਣ ਦਾ ਵੀ ਕੋਈ ਨਿਯਮ ਬਣਾ।
ਤਾਂ ਕਿ ਤੈਨੂੰ ਮੁੜਕੇ ਮੇਰੇ ਵਾਂਗ.,..,
ਕੋਈ ਉਲਾਹਮਾ ਦੇਣ ਦੀ
ਜੁਰੱਅਤ ਨਾ ਕਰ ਸਕੇ ॥

ਰਵਿੰਦਰ ਜਹਾਂਗੀਰ
4/11/2010