Wednesday, May 18, 2011

ਇਤਿਹਾਸ ਦੇ ਪੰਨੇ

ਕਦੇ ਕਦੇ ਹਵਾਵਾਂ ਨੂੰ ਜੱਫੀਆਂ ਪਾਉਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।

ਓਹੀ ਥਾਵਾਂ ਜਦੋਂ ਅਤੀਤ ਵਿਚ ਲੈ ਜਾਂਦੀਆਂ ਨੇ ,
ਸਮੇਂ ਦੇ ਵਹਾਵਾਂ ਤੇ ਉਲਟੀਆਂ ਵਹਿ ਜਾਂਦੀਆਂ ਨੇ ।
ਉਹ ਸਾਥੀਆਂ ਦੇ ਸੰਗ ਚਬੱਚੇ ਤੇ ਜਾ ਨਹਾਉਣਾ,
ਤੇ ਫੇਰ ਕਪੜੇ ਫੜ੍ਹਨ ਦੇ ਬਹਾਨੇ ਖਾਲ੍ਹੀ 'ਚ ਤਾਰੀਆਂ ਲਾਉਣਾ ।
ਕਿੰਨਾ ਚੰਗਾ ਸੀ ਉਹ ਵੇਲਾ ਜੋ ਲੰਘ ਗਿਆ ਹੈ ,
ਹੁਣ ਤਾਂ ਓਸ ਅੰਬ ਦੀ ਥਾਵੇਂ ਸਬਮਰਸੀਬਲ ਵੀ ਲਗ ਗਿਆ ਹੈ ।
ਮੈਂ ਕਦੇ ਸੋਚਦਾ ਹੁੰਨਾ ਕਿ ਇਹ ਸਭ ਕਿਓਂ ਚਲਦਾ ਹੈ ?
ਵਕਤ ਦਾ ਸੱਪ ਆਪਣੀ ਕੁੰਜ ਵਾਰ ਵਾਰ ਕਿਓਂ ਬਦਲਦਾ ਹੈ ?
ਫਿਰ ਵੀ ਏਸ ਉਤਰੀ ਹੋਈ ਕੁੰਜ ਨੂੰ ਗਲ ਪਾਉਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।।

ਖੁੱਲੇ ਜਿਹੇ ਵੇਹੜੇ ਤੋਂ ਏਸੀ ਵਾਲੇ ਰੂਮ ਤਕ ਦਾ ਸਫ਼ਰ ,
ਇਕ ਮਿੱਠਾ ਸੁਫ਼ਨਾ ਰਹਿ ਗਿਆ ਜੋ ਕਾਰਵਾਂ ਗਿਆ ਗੁਜ਼ਰ ।
ਖੁੱਲੀ ਡੁੱਲੀ ਜਿੰਦਗੀ ਇਕ ਕਮਰੇ ਤਕ ਹੀ ਸਿਮਟ ਗਈ ,
ਰੁੱਖ ਫ਼ਲਿਹਾਰੇ ਦੇ ਸੰਗ ਇਕ ਅਮਰ ਵੇਲ ਜਿਹੀ ਲਿਪਟ ਗਈ ।
ਕਈ ਸ਼ਖਸ਼ ਪਿਆਰੇ ਚਲੇ ਗਏ ਖਾਬਾਂ ਦੇ ਵਿਚ ਹੱਸਦੇ ਨੇ ,
ਇਕ ਭੁਲੇਖਾ ਸਿਰਜ ਗਏ ਓਹ ਅੱਜ ਵੀ ਸਾਨੂੰ ਤੱਕਦੇ ਨੇ ।
ਕਿੰਨਾ ਸੁੰਨਾ ਕਰ ਜਾਂਦੇ ਨੇ ਬੀਤੇ ਪਲ ਅਹਿਸਾਸ ਮੇਰੇ ਦੇ ,
ਅੱਜ ਵੀ ਪੰਨੇ ਜੀਵਿਤ ਨੇ ਗੁਜਰੇ ਹੋਏ ਇਤਿਹਾਸ ਮੇਰੇ ਦੇ ।
ਵਿਛੜ ਚੁੱਕੀਆਂ ਰੂਹਾਂ ਦੇ ਸਨਮੁਖ ਹੋਣਾ ਮੈਨੂੰ ਚੰਗਾ ਲਗਦਾ ਹੈ ।
ਕਦੇ ਕਦੇ ਆਪਣੇ ਹੀ ਗਲ ਲੱਗ ਰੋਣਾ ਮੈਨੂੰ ਚੰਗਾ ਲਗਦਾ ਹੈ ।।

ਰਵਿੰਦਰ ਜਹਾਂਗੀਰ
18/05/2011

No comments:

Post a Comment