Wednesday, May 4, 2011

ਤਿੰਨ ਪੀੜ੍ਹੀਆਂ ਦਾ ਰਿਸ਼ਤਾ

ਧਨ ਪਰਾਇਆ ਜਗ ਤੇ ਆਇਆ ,ਕਿਹੜਾ ਬਣੇ ਵਪਾਰੀ ।
ਕੌਣ ਪਤਾ ਨਹੀਂ ਲੇਖੀਂ ਲਿਖਿਆ ,ਮੰਗਣਾ ਕਿਸ ਉਧਾਰੀ ।

ਮੈਂ ਲੜ੍ਹ ਲੱਗਣਾ ਕਿਸੇ ਬੇਗਾਨੇ ,ਮੰਨਕੇ ਰੂਹ ਦਾ ਹਾਣੀ ,
ਉਹਦੇ ਉਤੇ ਮਾਣ ਹੈ ਕਾਹਦਾ, ਜਿਸਤੋਂ ਮੈਂ ਅਣਜਾਣੀ ।

ਮੇਰਾ ਮਾਣ ਨੇ ਮਾਪੇ ਮੇਰੇ ,ਮਾਪਿਆਂ ਨਾਲ ਸਰਦਾਰੀ ,
ਰੱਬ ਤੋਂ ਵੱਡਾ ਬਾਬੁਲ ਜਾਪੇ, ਚਿੱਟੀ ਜਿਸਦੀ ਦਾਹੜੀ ।

ਲੱਖਾਂ ਦੁੱਖ ਤਕਲੀਫਾਂ ਝੱਲਕੇ, ਜਿਸਨੇ ਮੈਂ ਸੰਭਾਲੀ ,
ਚਿੱਟੀ ਦਾਹੜੀ ਦਾਗ ਨਾ ਲਾਇਆ, ਬਾਬੁਲ ਦੀ ਲੱਜ ਪਾਲੀ੍ ,

ਮੇਰਾ ਮਾਣ ਹੈ ਵੀਰਾ ਮੇਰਾ, ਮੈਂ ਵੀਰੇ ਦੀ ਪੱਗੜੀ ,
ਇੱਜਤ ਅਤੇ ਭਰੋਸੇ ਦੀ ਮੈਂ , ਗੁੱਟ ਤੇ ਬੰਨਦੀ ਰੱਖੜੀ ।

ਗੱਭਰੂ ਹੋਇਆ ਦੇਖ ਜੇਸਨੂੰ, ਮਾਂ ਦੀਆਂ ਅੱਖਾਂ ਚਮਕਣ ,
ਮੈਂ ਲੋਚਦੀ ਓਹਦੇ ਵਿਹੜੇ, ਕਦੋਂ ਝਾਂਜਰਾਂ ਛਣਕਣ ।

ਮੇਰਾ ਮਾਣ ਇਕ ਐਸਾ ਸੁਪਨਾ, ਰਾਤ ਬਰਾਤੇ ਆਇਆ ,
ਵਿਹੜੇ ਖਿੜਿਆ ਫੁੱਲ ਗੁਲਾਬੀ, ਭਾਬੋ ਮੇਰੀ ਦਾ ਜਾਇਆ ।

ਬਾਪ ਮੇਰੇ ਦੀ ਕੁੱਲ ਨੂੰ ਜਿਸਨੇ, ਅੱਗੇ ਹੈ ਲੈ ਜਾਣਾ ,
ਰੀਝ ਕੁਆਰੀ ਮਾਂ-ਪਿਓ ਦੀ ਦਾ, ਇੱਕ ਫੁੱਲ ਖਿੜ੍ਹਦਾ ਜਾਣਾ ।

ਧੀ ਨਾ ਧਨ ਪਰਾਇਆ ਲੋਕੋ, ਨਾ ਇਹ ਜੱਗ ਵਿਚ 'ਕੱਲੀ ,
ਤਿੰਨ ਪੀੜ੍ਹੀਆਂ ਤਾਈਂ ਇਸਦੀ, ਸਾਂਝ ਹੈ ਇਕ ਅਵੱਲੀ ।

ਪਿਓ, ਭਰਾ, ਭਤੀਜੇ ਦੇ ਸੰਗ, ਰੂਹ ਦਾ ਗੂੜ੍ਹਾ ਰਿਸ਼ਤਾ ,
ਜਿਹੜੇ ਰਿਸ਼ਤਿਆਂ ਅੱਗੇ ਜਗ ਦਾ, ਹਰ ਰੰਗ ਫਿੱਕਾ ਦਿਸਦਾ ।।

ਰਵਿੰਦਰ ਜਹਾਂਗੀਰ
02/05/2011

No comments:

Post a Comment