Tuesday, August 24, 2010


ਕਦੇ ਕਦੇ ਦਿਲ ਕਰਦਾ ਏ, ਮਚ ਆਪਣੀ ਅੱਗ ਵਿਚ ਸੜ੍ਹ  ਜਾਵਾਂ ।
ਕਦੇ ਕਦੇ ਦਿਲ ਕਰਦਾ ਏ, ਹੱਥ ਸੂਰਜ ਫੜ  ਕੇ ਸੜ੍ਹ  ਜਾਵਾਂ ॥

ਕੁਝ  ਸਖਸ਼ ਨੇ ਪਰ ਸਨਮੁਖ ਖੜੇ,  ਹੱਕ ਆਪਣਾ ਮੰਗਦੇ ਨੇ ।
ਇਸ ਵਕਤ ਕਰੇਂਦਾ ਦਿਲ ਮੇਰਾ, ਇਹਨਾਂ ਲਈ ਜਿੰਦਗੀ ਹਰ ਜਾਵਾਂ ॥

ਅਮਰ ਜਹਾਨੇ ਹੰਸਾ ਦਾ ਜੋੜਾ, ਤੜਫ਼ ਤੜਫ਼ ਕੇ ਮਰ ਰਿਹਾ ।
ਹੈ ਮੁਹੱਬਤ ਵਰ ਝੂਠਾ ਤੇਰਾ, ਬੋਲ ਸਰਾਪਿਆ ਕਰ ਜਾਵਾਂ ॥

ਇਹ ਕੈਸੀ ਪਾਈ ਪ੍ਰੀਤ ਪਰਾਈ, ਮੇਰਾ ਸੀਨਾ ਛਲਣੀ ਕਰ ਦਿੱਤਾ ।
ਤੂੰ ਹਰਫ਼ ਉਕਾਰੇ ਜਿਸਮਾ ਤੇ, ਦਿਲ ਕੋਰਾ ਲੈ ਕਿਸ ਦਰ ਜਾਵਾਂ ॥

ਮੇਰੇ ਮਹਿਰਮ ਤੂੰ ਮੁਜਰਿਮ ਨਹੀਂ, ਗਲਤੀ  ਤਾਂ  ਸਭ  ਮੇਰੀ ਹੈ ।
ਮੈ ਸਾਹ ਉਧਾਰੇ ਲੈਂਦਾ  ਹਾਂ, ਕਿੰਝ ਸੌਦਾ ਚੁਕਤਾ ਕਰ ਜਾਵਾਂ ॥

ਉਹ ਪਲ ਖਜਾਨਾ ਬਣ ਚੁੱਕਿਆ,  ਤੂੰ ਅਲਵਿਦਾ ਜਦ ਬੋਲ ਗਿਆ ।
ਪੱਥਰ ਬਣਿਆ ਏਸ ਕਦਰ, ਹਰ ਗਮ ਨੂੰ ਸੀਨੇ ਜਰ ਜਾਵਾਂ ॥

ਹੁਣ ਵਕਤ 'ਰਵਿੰਦਰ' ਅਮਲਾਂ ਦਾ, ਹੁਣ ਜਿੰਦ ਵੇਚਣੀ ਪੈਣੀ ਏ ।
ਕੁਝ ਮੰਗ ਤਾਂ ਸਹੀ ਬੇਦਰਦਾ, ਮੈਂ ਹਰਫ਼ ਰਸੀਦੀ ਕਰ ਜਾਵਾਂ  ॥

ਰਵਿੰਦਰ ਜਹਾਂਗੀਰ
੨੫/੧੦/੨੦੦੬